Sunday, January 30, 2011

ਲਾੜੀ ਬਾਰਾਤ ਲੈ ਕੇ ਢੁੱਕੀ ਲਾੜੇ ਦੇ ਪਿੰਡ


ਨਥਾਣਾ, 29 ਜਨਵਰੀ-ਸਥਾਨਕ ਇਲਾਕੇ ਵਿਚ ਪਹਿਲੀ ਵਾਰ ਅਜਿਹਾ ਵਾਪਰਿਆ ਹੈ ਕਿ ਲਾੜੀ ਬਾਰਾਤ ਲੈ ਕੇ ਲਾੜੇ ਦੇ ਪਿੰਡ ਢੁੱਕੀ ਹੈ। ਲੜਕੀ ਨੇ ਆਪਣੇ ਸਹੁਰੇ ਪਿੰਡ ਲਾਵਾਂ ਲੈ ਕੇ ਆਨੰਦ ਕਾਰਜ ਕਰਵਾਏ ਜੋ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੁਰਦੀਪ ਸਿੰਘ ਭਿੰਦਾ ਸਪੁੱਤਰ ਬਖਤੌਰ ਸਿੰਘ ਵਾਸੀ ਨਥਾਣਾ ਤੇ ਸੁਖਦੀਪ ਕੌਰ ਸਪੁੱਤਰੀ ਬਲਵੀਰ ਸਿੰਘ ਵਾਸੀ ਸਹਿਣਾ ਨੇ ਆਪਣਾ ਗ੍ਰਹਿਸਥੀ ਜੀਵਨ ਨਿਵੇਕਲੇ ਢੰਗ ਨਾਲ ਸ਼ੁਰੂ ਕੀਤਾ ਹੈ ਜੋ ਲੋਕਾਂ ਵਿਚ ਚੁੰਝ ਚਰਚਾ ਤੋਂ ਇਲਾਵਾ ਸਮਾਜ ਸੁਧਾਰਕ ਇਕ ਪਹਿਲੂ ਵੀ ਜਾਪਦਾ ਹੈ। ਅਜਿਹਾ ਨਿਵੇਕਲਾ ਸਮਾਗਮ ਕਰਨ ਬਾਰੇ ਲਾੜੇ ਦਾ ਕਹਿਣਾ ਹੈ ਕਿ ਸਮਾਜ ਵਿਚ ਬਦਲਾਅ ਲਿਆਉਣ ਲਈ ਕੋਈ ਨਵਾਂ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ। ਇਸ ਸੰਬੰਧੀ ਲਾੜੀ ਨੇ ਕਿਹਾ ਕਿ ਔਰਤ ਨੂੰ ਆਪਣੇ ਆਪ ਨੂੰ ਕਿਸੇ ਪੱਖੋਂ ਘੱਟ ਨਹੀਂ ਸਮਝਣਾ ਚਾਹੀਦਾ ਸਗੋਂ ਸਮਾਜ ਲਈ ਸੇਧ ਬਣ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਹਰ ਪਹਿਲੂ ਲਈ ਔਰਤ ਜ਼ਰੂਰ ਭਾਗੀਦਾਰ ਹੁੰਦੀ ਹੈ। ਕਿਉਂ ਨਾ ਇਹ ਪੱਖ ਸਕਾਰਾਤਾਮਕ ਸੋਚ ਰਾਹੀਂ ਵਿਚਾਰਿਆ ਜਾਵੇ। ਅਜਿਹਾ ਸਮਾਗਮ ਰਚਾਉਣ ‘ਤੇ ਪਿੰਡ ਦੇ ਸਾਬਕਾ ਸਰਪੰਚ ਗੁਰਭੇਜ ਸਿੰਘ ਭੇਜੀ ਨੇ ਕਿਹਾ ਕਿ ਵਿਆਂਦੜ ਨੌਜਵਾਨ ਮੁੰਡੇ ਦੀ ਸੋਚ ਬਿਲਕੁਲ ਸਹੀ ਹੈ, ਜਿਸ ਨੇ ਅਜਿਹਾ ਉੱਦਮ ਕਰਨ ਨਾਲ ਲੋਕਾਂ ਦੀ ਧੀਆਂ ਪ੍ਰਤੀ ਸੋਚ ਬਦਲੇਗੀ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਅਜਿਹਾ ਆਮ ਹੀ ਹੋ ਜਾਵੇਗਾ ਕਿ ਮੁੰਡੇ ਦੇ ਘਰ ਲੜਕੀ ਬਾਰਾਤ ਲੈ ਕੇ ਆਇਆ ਕਰੇਗੀ।
ਇਸ ਨਾਲ ਲੋਕਾਂ ਵਿਚ ਦਾਜ ਲੈਣ-ਦੇਣ, ਫਾਲਤੂ ਖਰਚ ਕਰਨ ਪ੍ਰਤੀ ਨਜ਼ਰੀਆ ਬਦਲੇਗਾ। ਤਰਕਸ਼ੀਲ ਆਗੂ ਹਰਪ੍ਰੀਤ ਸਿੰਘ ਪਦੇਸਾ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਕੁੜੀਮਾਰਾਂ ਵਿਰੋਧੀ ਲਾਮਬੰਦ ਹੋ ਕੇ ਕੁੜੀਆਂ ਨੂੰ ਅੱਗੇ ਲਿਆਉਣ ਵਾਸਤੇ ਯਤਨ ਕਰਨੇ ਚਾਹੀਦੇ ਹਨ। ਅਜਿਹੇ ਵਿਆਹ ਕਰਵਾਉਣੇ ਨੌਜਵਾਨਾਂ ਵਲੋਂ ਨਿਜ਼ਾਮ ਬਦਲਣ ਲਈ ਪਹਿਲ ਕਦਮੀ ਹੈ। ਦੂਜੇ ਪਾਸੇ ਅਜਿਹੇ ਸਮਾਗਮ ਰਚਾਉਣ ਬਾਰੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਲੜਕੀਆਂ ਦੀ ਘੱਟ ਰਹੀ ਦਰ ਨੂੰ ਵਧਾਉਣ ਲਈ ਔਰਤ ਵਰਗ ਦਾ ਇਕ ਮੰਚ ‘ਤੇ ਲਾਮਬੰਦ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁੜੀਆਂ ਦੀ ਪੈਦਾਇਸ਼ ‘ਚ ਵਾਧਾ ਕਰਨ ਵਾਸਤੇ ਮਨੁੱਖ ਨਾਲੋਂ ਇਸਤਰੀ ਜ਼ਿਆਦਾ ਜ਼ਿੰਮੇਵਾਰ ਹੈ ਜੋ ਸੱਸ, ਨਣਦ, ਜੇਠਾਣੀ, ਦਰਾਣੀ, ਭਰਜਾਈਆਂ ਆਦਿ ਕਿਸੇ ਵੀ ਰੂਪ ਵਿਚ ਹੋ ਸਕਦੀ ਹੈ।

0 commenti:

Post a Comment