Friday, January 28, 2011

ਗੰਜੇਪਣ ਦਾ ਇਲਾਜ


ਤਣਾਅ ਅਤੇ ਪ੍ਰਦੂਸ਼ਣ ਕਾਰਨ ਵਾਲ ਝੜਨ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਕਦੇ-ਕਦੇ ਵਾਲਾਂ ਦੇ ਝੜਨ ਨਾਲ ਗੰਜੇਪਣ ਤਕ ਦੀ ਸਮੱਸਿਆ ਆ ਜਾਂਦੀ ਹੈ। ਜੇਕਰ ਅਸੀਂ ਆਪਣੇ ਝੜਦੇ ਵਾਲਾਂ ਦੀ ਮੂਲ ਸਮੱਸਿਆ ਨੂੰ ਜਾਣ ਲਈਏ ਤਾਂ ਸਾਨੂੰ ਇਨ੍ਹਾਂ ਦਾ ਸਹੀ ਇਲਾਜ ਕਰਕੇ, ਪੌਸ਼ਟਿਕ ਖੁਰਾਕ ਲੈ ਕੇ ਇਨ੍ਹਾਂ ਨੂੰ ਬਚਾਅ ਲੈਣਾ ਚਾਹੀਦਾ ਹੈ। ਜੇਕਰ ਸਮੱਸਿਆ ਵਧ ਜਾਏ ਤਾਂ ਉਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇਗਾ। ਉਂਝ ਗੰਜੇਪਣ ਨੂੰ ਦੂਰ ਕਰਨ ਲਈ ਮਾਰਕੀਟ ‘ਚ ਕਈ ਐਡਵਾਂਸ ਤਕਨੀਕਾਂ ਹਨ ਜੋ ਸਾਨੂੰ ਗੰਜੇ ਹੋਣ ਤੋਂ ਬਚਾਅ ਸਕਦੀਆਂ ਹਨ ਪਰ ਉਹ ਤਕਨੀਕਾਂ ਮਹਿੰਗੀਆਂ ਹਨ।
ਇਸ ਸਾਰੀ ਪ੍ਰਕਿਰਿਆ ਨੂੰ ਹੇਅਰ ਰੈਸਟੋਰੇਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਹੈ ਵਾਲਾਂ ਦਾ ਪੁਨਰ-ਉਦਾਰ। ਇਸ ਨੂੰ ਅਸੀਂ ਦੋ ਤਰੀਕਿਆਂ ਨਾਲ ਕਰ ਸਕਦੇ ਹਾਂ¸1. ਸਰਜੀਕਲ ਅਤੇ ਦੂਜਾ ਨਾਨ-ਸਰਜੀਕਲ ਤਰੀਕੇ ਨਾਲ। ਨਾਨ-ਸਰਜੀਕਲ ਤਰੀਕੇ ਦੇ ਤਹਿਤ ਆਉਂਦੀਆਂ ਹਨ ਹੇਅਰ ਵੀਵਿੰਗ, ਬਾਂਡਿੰਗ, ਟੇਪਿੰਗ ਆਦਿ ਵਿਧੀਆਂ।
ਕੀ ਹੈ ਹੇਅਰ ਟਰਾਂਸਪਲਾਂਟੇਸ਼ਨ
ਹੇਅਰ ਟਰਾਂਸਪਲਾਂਟੇਸ਼ਨ ਸਰਜੀਕਲ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ‘ਚ ਸਿਰ ਦੇ ਪਿੱਛੇ ਅਤੇ ਸਾਈਡ ਦੇ ਵਾਲ ਲੈ ਕੇ ਉਨ੍ਹਾਂ ਨੂੰ ਸਿਰ ਦੇ ਗੰਜੇ ਸਥਾਨ ‘ਤੇ ਇੰਪਲਾਂਟ ਕਰ ਦਿੱਤਾ ਜਾਂਦਾ ਹੈ। ਮਰਦਾਂ ਦੇ ਤਾਂ ਛਾਤੀ ਦੇ ਵਾਲ, ਦਾੜ੍ਹੀ-ਮੁੱਛ ਦੇ ਵਾਲ ਵੀ ਵਰਤ ਲਏ ਜਾਂਦੇ ਹਨ। ਇੰਪਲਾਂਟ ਹੋਣ ਤੋਂ ਦੋ ਹਫਤਿਆਂ ਬਾਅਦ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਕ ਸਾਲ ਪਿੱਛੋਂ ਉਨ੍ਹਾਂ ‘ਚ ਕਾਫੀ ਸੁਧਾਰ ਨਜ਼ਰ ਆਉਂਦਾ ਹੈ।
ਇੰਪਲਾਂਟ ਕੀਤੇ ਗਏ ਵਾਲ ਪਰਮਾਨੈਂਟ ਹੁੰਦੇ ਹਨ ਅਤੇ ਇਹ ਕੁਦਰਤੀ ਨਜ਼ਰ ਆਉਂਦੇ ਹਨ। ਸਿਰ ਦੇ ਪਿਛਲੇ ਹਿੱਸੇ ਅਤੇ ਸਾਈਡ ਵਾਲੇ ਹਿੱਸੇ ਦੇ ਵਾਲ ਅਕਸਰ ਨਹੀਂ ਝੜਦੇ। ਜਿਸ ਏਰੀਏ ਦੇ ਵਾਲ ਲਏ ਜਾਂਦੇ ਹਨ, ਉਸ ਨੂੰ ਡੋਨਰ ਕਹਿੰਦੇ ਹਨ। ਡੋਨਰ ਵਾਲੇ ਹਿੱਸੇ ਤੋਂ ਵਾਲ ਲੈਣ ਪਿੱਛੋਂ ਉਸ ‘ਤੇ ਟਾਂਕੇ ਲਗਾ ਦਿੱਤੇ ਜਾਂਦੇ ਹਨ। ਕੁਝ ਦਿਨਾਂ ਪਿੱਛੋਂ ਉਹ ਸਥਾਨ ਨਾਰਮਲ ਹੋ ਜਾਂਦਾ ਹੈ ਅਤੇ ਉਹ ਸਥਾਨ ਵਾਲਾਂ ਹੇਠਾਂ ਆ ਜਾਂਦਾ ਹੈ। ਜਿਸ ਸਥਾਨ ਤੋਂ ਵਾਲ ਲਏ ਜਾਂਦੇ ਹਨ, ਉਸ ‘ਤੇ ਦੁਬਾਰਾ ਵਾਲ ਨਹੀਂ ਆਉਂਦੇ ਪਰ ਦੂਜੇ ਵਾਲ ਉਸ ਨੂੰ ਢਕ ਲੈਂਦੇ ਹਨ।
ਹੇਅਰ ਟਰਾਂਸਪਲਾਂਟੇਸ਼ਨ ‘ਚ ਇਕ ਹੋਰ ਤਰੀਕਾ ਵੀ ਹੈ। ਇਸ ‘ਚ ਇਕ-ਇਕ ਫੋਲਿਕਲ ਇੰਪਲਾਂਟ ਕੀਤਾ ਜਾਂਦਾ ਹੈ। ਇਕ ਸਿਟਿੰਗ ‘ਚ ਦੋ ਹਜ਼ਾਰ ਤਕ ਫੋਲਿਕਲ ਇੰਪਲਾਂਟ ਕੀਤੇ ਜਾਂਦੇ ਹਨ। ਇਸ ‘ਚ 6 ਤੋਂ 8 ਘੰਟੇ ਲੱਗਦੇ ਹਨ। ਫਿਰ 6 ਮਹੀਨਿਆਂ ਤਕ ਉਡੀਕ ਕੀਤੀ ਜਾਂਦੀ ਹੈ। ਜੇਕਰ ਗੰਜਾਪਣ ਪੂਰੀ ਤਰ੍ਹਾਂ ਠੀਕ ਨਾ ਹੋਵੇ ਤਾਂ ਦੂਜੀ ਸਿਟਿੰਗ ਛੇ ਮਹੀਨਿਆਂ ਤੋਂ ਇਕ ਸਾਲ ਪਿੱਛੋਂ ਹੁੰਦੀ ਹੈ। ਇਸ ਮੈਥਡ ਨੂੰ ਐੱਸ. ਯੂ. ਈ. ਕਹਿੰਦੇ ਹਨ। ਇਹ ਮੈਥਡ ਸਟ੍ਰਿਪ ਮੈਥਡ ਤੋਂ ਮਹਿੰਗਾ ਹੈ ਅਤੇ ਵਧੇਰੇ ਬਿਹਤਰ ਵੀ ਹੈ।
ਹੇਅਰ ਟਰਾਂਸਪਲਾਂਟ ਕਰਵਾਉਣ ਤੋਂ ਪਹਿਲਾਂ ਜੇਕਰ ਤੁਸੀਂ ਡਾਇਬਟੀਜ਼, ਹਾਈ ਬੀ. ਪੀ., ਮੈਟਾਬਾਲਿਕ ਡਿਸਆਰਡਰ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਡਾਕਟਰ ਨੂੰ ਪਹਿਲਾਂ ਹੀ ਦੱਸ ਦਿਓ। ਕਿਸੇ ਖਾਸ ਦਵਾਈ ਤੋਂ ਐਲਰਜੀ ਹੋਵੇ ਤਾਂ ਡਾਕਟਰ ਨੂੰ ਜਾਣਕਾਰੀ ਜ਼ਰੂਰ ਦਿਓ। ਜੇਕਰ ਸਰੀਰ ‘ਚ ਪੇਸਮੇਕਰ ਜਾਂ ਕੋਈ ਹੋਰ ਇਲੈਕਟ੍ਰਾਨਿਕ ਡਿਵਾਈਸ ਹੋਵੇ ਤਾਂ ਵੀ ਡਾਕਟਰ ਨੂੰ ਦੱਸੋ। ਕਿਸੇ ਖਾਸ ਬਿਮਾਰੀ ਲਈ ਜੇਕਰ ਕੋਈ ਦਵਾਈ ਲਗਾਤਾਰ ਲੈ ਰਹੇ ਹੋ ਤਾਂ ਇਸ ਦੀ ਜਾਣਕਾਰੀ ਵੀ ਡਾਕਟਰ ਨੂੰ ਦੇਣੀ ਜ਼ਰੂਰੀ ਹੈ।
ਟਰਾਂਸਪਲਾਂਟੇਸ਼ਨ ਪਿੱਛੋਂ ਦੇਖਭਾਲ : ਟਰਾਂਸਪਲਾਂਟੇਸ਼ਨ  ਪਿੱਛੋਂ ਆਉਣ ਵਾਲੇ ਵਾਲ ਕੁਦਰਤੀ ਤਰੀਕੇ ਨਾਲ ਵਧਦੇ ਹਨ। ਅਜਿਹੇ ‘ਚ ਇਨ੍ਹਾਂ ਦੀ ਦੇਖਭਾਲ ਉਹੋ ਜਿਹੀ ਕਰੋ ਜਿਵੇਂ ਕੁਦਰਤੀ ਵਾਲਾਂ ਦੀ ਕਰਦੇ ਹੋ। ਵਾਲਾਂ ਦੀ ਲੁਕ ਜੇਕਰ ਪਤਲੀ ਲੱਗਦੀ ਹੈ ਤਾਂ ਇਸ ਦੇ ਲਈ ਆਰਟੀਫਿਸ਼ੀਅਲ ਚੀਜ਼ਾਂ ਨਾ ਵਰਤੋ।
ਤੁਸੀਂ ਇਨ੍ਹਾਂ ਵਾਲਾਂ ‘ਤੇ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ, ਕਟਵਾ ਸਕਦੇ ਹੋ, ਤੇਲ ਲਗਾ ਸਕਦੇ ਹੋ ਅਤੇ ਕੰਘੀ ਵੀ ਕਰ ਸਕਦੇ ਹੋ।
ਟਰਾਂਸਪਲਾਂਟ ਕੀਤੇ ਗਏ ਵਾਲ ਉਮਰ ਦੇ ਨਾਲ ਕਦੇ-ਕਦੇ ਝੜਨ ਲੱਗਦੇ ਹਨ ਪਰ ਇਨ੍ਹਾਂ ਦਾ ਫਾਲਿੰਗ ਰੇਟ ਘੱਟ ਹੁੰਦਾ ਹੈ।
ਤੁਸੀਂ ਇਨ੍ਹਾਂ ਵਾਲਾਂ ‘ਤੇ ਕਲਰ ਵੀ ਕਰ ਸਕਦੇ ਹੋ।
ਕੀ ਹੈ ਨਾਨ-ਸਰਜੀਕਲ ਮੈਥਡ
ਇਸ ਮੈਥਡ ‘ਚ ਕਈ ਤਰ੍ਹਾਂ ਨਾਲ ਵਾਲਾਂ ਨੂੰ ਉਗਾਇਆ ਜਾਂਦਾ ਹੈ ਜਿਵੇਂ ਵੀਵਿੰਗ, ਬਾਂਡਿੰਗ, ਸਿਲੀਕਾਨ ਅਤੇ ਟੇਪਿੰਗ। ਹਰ ਤਰ੍ਹਾਂ ਦੇ ਨਾਨ-ਸਰਜੀਕਲ ਮੈਥਡ ਵੱਖੋ-ਵੱਖਰੇ ਹਨ।
ਵੀਵਿੰਗ : ਹੇਅਰ ਵੀਵਿੰਗ ‘ਚ ਸਿਰ ਦੇ ਗੰਜੇ ਹਿੱਸੇ ‘ਤੇ ਸਿੰਥੈਟਿਕ ਹੇਅਰ ਜਾਂ ਨੈਚੁਰਲ ਹੇਅਰ ਨੂੰ ਖੋਪੜੀ ਦੇ ਉਸ ਹਿੱਸੇ ‘ਚ ਵੀਵ ਕਰ ਦਿੱਤਾ ਜਾਂਦਾ ਹੈ। ਜੋ ਵਾਲ ਅਸੀਂ ਕਟਵਾਉਂਦੇ ਹਾਂ, ਉਨ੍ਹਾਂ ਵਾਲਾਂ ਨੂੰ ਹੇਅਰ ਮੈਨਿਊਫੈਕਚਰ ਨੂੰ ਵੇਚ ਦਿੱਤਾ ਜਾਂਦਾ ਹੈ ਜੋ ਪ੍ਰੋਸੈੱਸ ਕਰਕੇ ਦੁਬਾਰਾ ਵੀਵਿੰਗ ਲਈ ਵੇਚ ਦਿੰਦੇ ਹਨ। ਸਿੰਥੈਟਿਕ ਵਾਲਾਂ ਨਾਲੋਂ ਨੈਚੁਰਲ ਵਾਲਾਂ ਦੀ ਵੀਵਿੰਗ ਮਹਿੰਗੀ ਹੁੰਦੀ ਹੈ।
ਹੇਅਰ ਯੂਨਿਟ ਉਸ ਸਥਾਨ ‘ਤੇ ਲਗਾਈ ਜਾਂਦੀ ਹੈ, ਜਿਥੇ ਵਾਲ ਨਹੀਂ ਹੁੰਦੇ। ਅਜਿਹੇ ‘ਚ ਸਿਰ ‘ਤੇ ਮੌਜੂਦ ਤਿੰਨ ਸਾਈਡਾਂ ਦੇ ਵਾਲਾਂ ਦੀ ਮਦਦ ਨਾਲ ਮਸ਼ੀਨ ਅਤੇ ਧਾਗੇ ਦੀ ਮਦਦ ਨਾਲ ਇਕ ਬੇਸ ਬਣਾਇਆ ਜਾਂਦਾ ਹੈ। ਉਸ ਬੇਸ ‘ਤੇ ਹੇਅਰ ਯੂਨਿਟ ਸਟਿੱਚ ਕਰ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਡੇਢ ਮਹੀਨੇ ਦੇ ਅੰਦਰ-ਅੰਦਰ ਵਾਲ ਵਧਣੇ ਸ਼ੁਰੂ ਹੋ ਜਾਂਦਾ ਹੈ ਅਤੇ ਬੇਸ ਢਿੱਲਾ ਪੈ ਜਾਂਦਾ ਹੈ ਅਤੇ ਸਟਿੱਚ ਕੀਤੀ ਹੋਈ ਯੂਨਿਟ ਵੀ ਢਿੱਲੀ ਪੈ ਜਾਂਦੀ ਹੈ। ਇਨ੍ਹਾਂ ਨੂੰ ਠੀਕ ਕਰਵਾਉਣ ਲਈ ਐਕਸਪਰਟ ਕੋਲ ਜਾਣਾ ਪੈਂਦਾ ਹੈ।
ਇਨ੍ਹਾਂ ਨੂੰ ਖਾਸ ਦੇਖਭਾਲ ਦੀ ਲੋੜ ਪੈਂਦੀ ਹੈ ਕਿਉਂਕਿ ਇਹ ਵਾਲ ਸੈਮੀ-ਪਰਮਾਨੈਂਟ ਹੁੰਦੇ ਹਨ। ਇਨ੍ਹਾਂ ਦੀ ਹਰ ਪੰਦਰਾਂ ਦਿਨਾਂ ਪਿੱਛੋਂ ਸਰਵਿਸਿੰਗ ਕਰਵਾਉਣੀ ਪੈਂਦੀ ਹੈ। ਜੋ ਲੋਕ ਇਨ੍ਹਾਂ ਨੂੰ ਚੰਗੀ ਤਰ੍ਹਾਂ ਮੇਨਟੇਨ ਕਰ ਲੈਂਦੇ ਹਨ, ਉਨ੍ਹਾਂ ਨੂੰ ਦੋ ਮਹੀਨਿਆਂ ਪਿੱਛੋਂ ਸਰਵਿਸਿੰਗ ਦੀ ਲੋੜ ਪੈਂਦੀ ਹੈ। ਹਰ ਸਰਵਿਸਿੰਗ ‘ਚ ਦੋ ਘੰਟਿਆਂ ਦਾ ਸਮਾਂ ਲੱਗਦਾ ਹੈ। ਉਨ੍ਹਾਂ ਨੂੰ ਮੋਟੇ ਦੰਦਿਆਂ ਵਾਲੀ ਕੰਘੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ੈਂਪੂ ਵਰਤ ਸਕਦੇ ਹੋ ਪਰ ਤੇਲ ਨਹੀਂ ਲਗਾ ਸਕਦੇ।
ਇਸ ਪ੍ਰਕਿਰਿਆ ‘ਚ ਕਈ ਵਾਰ ਮਰੀਜ਼ ਦੇ ਸਿਰ ‘ਚ ਦਰਦ ਹੁੰਦਾ ਹੈ ਜੋ ਪੇਨ ਕਿੱਲਰ ਖਾਣ ਨਾਲ ਠੀਕ ਹੋ ਜਾਂਦਾ ਹੈ। ਇਨ੍ਹਾਂ ਦੀ ਲਾਈਫ ਘੱਟ ਹੁੰਦੀ ਹੈ। ਇਹ ਛੇ ਮਹੀਨਿਆਂ ਤੋਂ ਇਕ ਸਾਲ ਤਕ ਸਾਥ ਦਿੰਦੇ ਹਨ। ਫਿਰ ਦੁਬਾਰਾ ਵੀਵਿੰਗ ਕਰਵਾਉਣੀ ਪੈਂਦੀ ਹੈ। ਚੰਗੀ ਮੇਨਟੇਨਸ ਹੋਵੇ ਤਾਂ ਦੋ ਸਾਲ ਵੀ ਲੰਘ ਜਾਂਦੇ ਹਨ।
ਟੇਪਿੰਗ ਸਿਸਟਮ : ਇਸ ਮੈਥਡ ‘ਚ ਹੇਅਰ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ‘ਚ ਇਕ ਟੇਪ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਦੋ ਪਾਸਿਆਂ ਤੋਂ ਸਟਿਕੀ ਅਤੇ ਪਾਰਦਰਸ਼ੀ ਹੁੰਦੀ ਹੈ। ਇਕ ਸਿਰਾ ਯੂਨਿਟ ‘ਚ ਅਤੇ ਦੂਜਾ ਸਿਰਾ ਸਿਰ ‘ਤੇ ਲਗਾਇਆ ਜਾਂਦਾ ਹੈ। ਪਾਰਦਰਸ਼ੀ ਟੇਪ ਕਾਰਨ ਦੂਜੇ ਵਿਅਕਤੀ ਨੂੰ ਇਸ ਦਾ ਪਤਾ ਆਸਾਨੀ ਨਾਲ ਨਹੀਂ ਲੱਗਦਾ।
ਇਸ ਪ੍ਰਕਿਰਿਆ ਪਿੱਛੋਂ ਹਰ ਪੰਦਰਾਂ ਦਿਨਾਂ ਬਾਅਦ ਸਰਵਿਸਿੰਗ ਦੀ ਲੋੜ ਪੈਂਦੀ ਹੈ। ਸਰਵਿਸਿੰਗ ਤੁਸੀਂ ਖੁਦ ਸਿੱਖ ਕੇ ਕਿਸੇ ਸੈਲੂਨ ‘ਚ ਫੀਸ ਦੇ ਕੇ ਕਰਵਾ ਸਕਦੇ ਹੋ।
ਬਾਂਡਿੰਗ ਸਿਸਟਮ : ਇਸ ਦਾ ਦੂਜਾ ਨਾਂ ਕਲਿੱਪਿੰਗ ਸਿਸਟਮ ਵੀ ਹੈ। ਇਸ ‘ਚ ਹੇਅਰ ਯੂਨਿਟ ਦੀਆਂ ਤਿੰਨ ਸਾਈਡਾਂ ‘ਚ ਕਲਿੱਪ ਲਗਾਉਂਦੇ ਹਨ। ਕਲਿੱਪ ਯੂਨਿਟ ਦੇ ਅੰਦਰੋਂ ਲਗਾਇਆ ਜਾਂਦਾ ਹੈ। ਇਨ੍ਹਾਂ ਕਲਿੱਪਾਂ ਦੀ ਮਦਦ ਨਾਲ ਯੂਨਿਟ ਨੂੰ ਪਹਿਲਾਂ ਤੋਂ ਮੌਜੂਦ ਵਾਲਾਂ ਨਾਲ ਲਗਾਇਆ ਜਾਂਦਾ ਹੈ। ਚਾਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਖੋਲ੍ਹ ਕੇ ਰੱਖ ਸਕਦੇ ਹੋ।
ਇਸ ਪ੍ਰਕਿਰਿਆ ‘ਚ ਸਰਵਿਸ ਦੀ ਲੋੜ ਨਹੀਂ ਹੁੰਦੀ, ਬਸ ਕਟਿੰਗ ਦੌਰਾਨ ਹੇਅਰ ਕਟਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਵਾਲ ਅਸਲੀ ਹਨ ਅਤੇ ਕਿਹੜੇ ਵਾਲ ਨਕਲੀ। ਕਟਿੰਗ ਉਸੇ ਹਿਸਾਬ ਨਾਲ ਕਰਨੀ ਪੈਂਦੀ ਹੈ। ਖਰਾਬ ਹੋਣ ‘ਤੇ ਇਸ ਪ੍ਰਕਿਰਿਆ ਨੂੰ ਦੁਹਰਾਇਆ ਜਾ ਸਕਦਾ ਹੈ।
ਸਿਲੀਕਾਨ ਮੈਥਡ : ਇਸ ਮੈਥਡ ‘ਚ ਅਸਲੀ ਵਾਲਾਂ ਨੂੰ ਟ੍ਰਿਮ ਕਰਕੇ ਉਨ੍ਹਾਂ ‘ਤੇ ਗਲੂ (ਸਿਲੀਕਾਨ ਜੈੱਲ) ਲਗਾ ਦਿੱਤੀ ਜਾਂਦੀ ਹੈ ਅਤੇ ਫਿਰ ਹੇਅਰ ਯੂਨਿਟ ਨੂੰ ਇਸ ‘ਤੇ ਚਿਪਕਾ ਦਿੱਤਾ ਜਾਂਦਾ ਹੈ। ਇਸ ‘ਚ ਦਰਦ ਨਹੀਂ ਹੁੰਦਾ। ਇਹ ਬਾਂਡਿੰਗ ਤੋਂ ਬਿਹਤਰ ਪ੍ਰਕਿਰਿਆ ਹੈ।
ਇਹ ਇਕ ਤੋਂ ਡੇਢ ਮਹੀਨੇ ਤਕ ਫਿਕਸ ਰਹਿੰਦੇ ਹਨ। ਉਸ ਪਿੱਛੋਂ ਢਿੱਲੇ ਪੈ ਜਾਂਦੇ ਹਨ। ਫਿਰ ਇਨ੍ਹਾਂ ਦੀ ਸਰਵਿਸਿੰਗ ਕਰਵਾਉਣੀਪੈਂਦੀ ਹੈ। ਸਰਵਿਸਿੰਗ ‘ਚ ਡੇਢ-ਦੋ ਘੰਟੇ ਲੱਗ ਜਾਂਦੇ ਹਨ।
ਕਦੇ-ਕਦੇ ਸਿਰ ਦਰਦ ਅਤੇ ਖਾਰਿਸ਼ ਦੀ ਸ਼ਿਕਾਇਤ ਰਹਿੰਦੀ ਹੈ।
ਕਦੇ-ਕਦੇ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ ਜਿਸ ਨੂੰ ਐਂਟੀ-ਬਾਇਓਟਿਕ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ।
ਸ਼ੁਰੂਆਤ ‘ਚ ਮੱਥੇ ਅਤੇ ਅੱਖਾਂ ‘ਤੇ ਸੋਜ ਹੋ ਸਕਦੀ ਹੈ ਜੋ ਬਾਅਦ ‘ਚ ਠੀਕ ਹੋ ਜਾਂਦੀ ਹੈ।
ਖੋਪੜੀ ਦੀ ਚਮੜੀ ਢਿੱਲੀ ਪੈ ਸਕਦੀ ਹੈ ਜੋ ਕੁਝ ਮਹੀਨਿਆਂ ਪਿੱਛੋਂ ਠੀਕ ਹੋ ਜਾਂਦੀ ਹੈ।  ਸ਼ੁਰੂਆਤ ‘ਚ ਦੋ-ਤਿੰਨ ਦਿਨ ਕਦੇ-ਕਦੇ ਖੋਪੜੀ ਸੁੰਨ ਵੀ ਰਹਿ ਸਕਦੀ ਹੈ।
ਅਸਲੀ ਵਾਲ ਬਹੁਤ ਪਤਲੇ ਹੋ ਜਾਂਦੇ ਹਨ ਪਰ ਕੁਝ ਸਮੇਂ ਪਿੱਛੋਂ ਠੀਕ ਹੋ ਸਕਦੇ ਹਨ।

0 commenti:

Post a Comment