Tuesday, March 15, 2011

ਰੋਦੀਗੋ ਵਿਖੇ ਅਗਵਾ ਪੰਜਾਬੀ ਨੌਜਵਾਨ ਗੁਰਦੁਆਰੇ ਵਿਚੋਂ ਬਰਾਮਦ

ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਸੀਲ

 ਗੁਰਦੁਆਰਾ ਸਿੰਘ ਸਭਾ ਰੋਦੀਗੋ ਮਾਨਤੋਵਾ ਵਿਖੇ ਇਟਾਲੀਅਨ ਪੁਲਿਸ ਵੱਲੋਂ ਛਾਪਾ ਮਾਰ ਕੇ ਕੁਝ ਅਗਵਾਕਾਰਾਂ ਵੱਲੋਂ ਅਗਵਾ ਕੀਤਾ ਪੰਜਾਬੀ ਨੌਜਵਾਨ ਬਰਾਮਦ ਕੀਤਾ ਗਿਆ। ਇਸ ਉਪਰੰਤ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਸੀਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 27 ਸਾਲਾ ਸ਼ਿੰਗਾਰਾ ਸਿੰਘ ਨੂੰ ਰਿਵਾਲਤੋ ਅਤੇ ਰੋਦੀਗੋ ਹਲਕੇ ਵਿਚ ਪੈਂਦੇ ਗੁਰਦੁਆਰਾ ਸਾਹਿਬ 'ਚ ਅਗਵਾ ਕਰ ਕੇ ਰੱਖਿਆ ਗਿਆ ਸੀ। ਇਸ ਦੌਰਾਨ ਉਸਦੀ ਕੁੱਟਮਾਰ ਵੀ ਕੀਤੀ ਗਈ। ਉਸ ਉੱਤੇ ਭਾਰਤੀ ਲੜਕੀ ਨਾਲ ਜਬਰ ਜਿਨਾਹ ਦਾ ਦੋਸ਼ ਲਗਾਇਆ ਗਿਆ ਸੀ। ਸ਼ਿੰਗਾਰਾ ਸਿੰਘ 'ਤੇ ਅਗਵਾਕਾਰਾਂ ਨੇ ਦੋਸ਼ ਲਗਾਇਆ ਸੀ ਕਿ ਉਸਨੇ ਲੜਕੀ ਦੇ ਪਿਤਾ ਦੀ ਮਰਜੀ ਦੇ ਖਿਲਾਫ ਲੜਕੀ ਨੂੰ ਗੁੰਮਰਾਹ ਕੀਤਾ। ਇਸ ਸਾਰੇ ਕੇਸ ਦੀ ਪੈਰਵਾਈ ਮਾਨਤੋਵਾ ਦੀ ਮੋਬਾਇਲ ਕਰਾਈਮ ਏਜੰਸੀ ਅਤੇ ਦਿਗੋਜ਼ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਜਿਸਦੀ ਆਗਿਆ ਚੀਫ ਪ੍ਰੋਸੀਕਿਊਟਰ ਆਂਤੋਨੀਨੋ ਕੌਂਦੋਰੇਲੀ ਅਤੇ ਸਹਾਇਕ ਪ੍ਰੋਸੀਕਿਊਟਰ ਜੂਲੀਓ ਤਾਂਬੋਰੀਨੀ ਨੇ ਦਿੱਤੀ। ਜਾਂਚ ਏਜੰਸੀ ਗੁਰਦੁਆਰੇ ਦੇ ਤਿੰਨ ਦਰਵਾਜਿਆਂ ਨੂੰ ਤੋੜ ਕੇ ਅੰਦਰ ਦਾਖਲ ਹੋਈ ਅਤੇ ਉਨ੍ਹਾਂ ਨੇ ਅਗਵਾ ਕੀਤੇ ਸ਼ਿੰਗਾਰਾ ਨੂੰ ਇਕ ਕਮਰੇ ਵਿਚ ਬੰਦ ਪਾਇਆ, ਜਿਸਦੀ ਰਖਵਾਲੀ ਦੋ ਹਥਿਆਰਬੰਦ ਪੰਜਾਬੀ, ਨੌਜਵਾਨ ਕਰ ਰਹੇ ਸਨ। ਇਸ ਉਪਰੰਤ ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਕਰਨ ਲਈ ਕਰਾਈਮ ਟੀਮ ਨੇ ਵਾਸਤੋ ਗੋਈਤੋ, ਰੋਦੀਗੋ ਅਤੇ ਗਜ਼ਾਲਦੋ ਵਿਚੋਂ ਛਾਪੇਮਾਰੀ ਦੌਰਾਨ ਅਗਵਾਕਾਰੀ ਅਤੇ ਕੁੱਟਮਾਰ ਦੇ ਦੋਸ਼ ਹੇਠ 10 ਹੋਰ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ 27 ਸਾਲਾ ਗੁਰਜੀਤ ਸਿੰਘ ਅਤੇ 32 ਸਾਲਾ ਅਵਤਾਰ ਸਿੰਘ ਜੱਸਲ ਨੂੰ ਪਹਿਲਾਂ ਵੀ ਅਗਵਾਕਾਰੀ ਦੇ ਦੋਸ਼ ਹੇਠ ਨਾਮਜਦ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 40 ਸਾਲਾ ਟੇਕਜਿੰਦਰ ਸਿੰਘ, 33 ਸਾਲਾ ਅਵਤਾਰ ਸਿੰਘ, ਲੜਕੀ ਦਾ ਪਿਤਾ 53 ਸਾਲਾ ਬਲਵਿੰਦਰ ਸਿੰਘ, 31 ਸਾਲਾ ਕੁਲਜੀਤ ਸਿੰਘ, 37 ਸਾਲਾ ਜਸਵੀਰ ਸਿੰਘ, 21 ਸਾਲਾ ਸਿਮਰਜੀਤ ਸਿੰਘ, 41 ਸਾਲਾ ਜਰਨੈਲ ਸਿੰਘ ਅਤੇ 44 ਸਾਲਾ ਬਲਜਿੰਦਰ ਸਿੰਘ ਨੂੰ ਵੱਖੋ ਵੱਖਰੇ ਛਾਪੇਮਾਰੀਆਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਪਰੋਕਤ ਗ੍ਰਿਫ਼ਤਾਰ ਕੀਤੇ ਸਾਰੇ ਵਿਅਕਤੀਆਂ 'ਤੇ ਅਗਵਾਕਾਰੀ ਅਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਸ਼ਿੰਗਾਰਾ ਸਿੰਘ ਦੇ ਵਕੀਲ ਏਮੁਨੂਏਲੇ ਲੂਪੀ ਅਨੁਸਾਰ ਕੁਝ ਹਫਤੇ ਪਹਿਲਾਂ ਲੜਕੀ ਦੇ ਪਿਤਾ ਤੋਂ ਇਲਾਵਾ ਕੁਝ ਹੋਰ 6 ਝੂਠੇ ਗਵਾਹ ਤਿਆਰ ਕਰ ਜਬਰ ਜਿਨਾਹ ਦੇ ਦੋਸ਼ ਤਹਿਤ ਸ਼ਿੰਗਾਰਾ ਸਿੰਘ 'ਤੇ ਪਰਚਾ ਕਰਵਾਇਆ ਗਿਆ ਸੀ, ਪਰ ਸ਼ਿੰਗਾਰਾ ਸਿੰਘ ਦੋਸ਼ਾਂ ਤੋਂ ਬਰੀ ਹੋ ਆਪਣੇ ਘਰ ਵਾਪਸ ਆ ਗਿਆ। 4 ਮਾਰਚ ਦਿਨ ਸ਼ੁੱਕਰਵਾਰ ਨੂੰ ਅਗਵਾਕਾਰੀ ਗੈਂਗ ਦਾ ਮੁੱਖ ਲੀਡਰ ਬਲਜਿੰਦਰ ਸਿੰਘ, ਸ਼ਿੰਗਾਰਾ ਸਿੰਘ ਦੇ ਘਰ ਪਹੁੰਚਿਆ ਅਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਅਗਲੇ ਦਿਨ ਸ਼ਿੰਗਾਰਾ ਸਿੰਘ ਨੇ ਹਾਲਾਤਾਂ ਨੂੰ ਵਿਗੜਦਿਆਂ ਦੇਖ ਰੋਮ ਆਉਣ ਦਾ ਫੈਸਲਾ ਕੀਤਾ ਅਤੇ ਉਸਨੇ ਇਸ ਸਬੰਧੀ ਆਪਣੇ ਵਕੀਲ ਨੂੰ ਜਾਣਕਾਰੀ ਦਿੱਤੀ। ਉਸਦੇ ਵਕੀਲ ਨੇ ਉਸਨੂੰ ਵਾਪਸ ਆਉਣ ਲਈ ਕਿਹਾ। ਜਿਸ ਉਪਰੰਤ ਐਤਵਾਰ ਦੀ ਸਵੇਰ 4 ਅਗਵਾਕਾਰਾਂ ਨੇ ਸ਼ਿੰਗਾਰਾ ਸਿੰਘ ਨੂੰ ਅਗਵਾ ਕਰਨ ਉਪਰੰਤ ਰਿਵਾਲਤਾ ਅਤੇ ਰੋਦੀਗੋ ਦੇ ਹਲਕੇ ਵਿਚ ਪੈਂਦੇ ਗੁਰਦੁਆਰੇ ਵਿਚ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਸ਼ਾਇਦ ਗੁਰਦੁਆਰੇ ਨੂੰ ਅਜਿਹੇ ਕੰਮਾਂ ਲਈ ਢੁੱਕਵੀਂ ਅਤੇ ਸੁਰੱਖਿਅਤ ਜਗ੍ਹਾ ਮਹਿਸੂਸ ਕੀਤਾ ਸੀ।
ਜਿਕਰਯੋਗ ਹੈ ਕਿ ਪੁਲਿਸ ਜੁੱਤਿਆਂ ਸਮੇਤ ਗੁਰਦੁਆਰਾ ਸਾਹਿਬ 'ਚ ਦਾਖਲ ਹੋਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਪਏ ਸਮਾਨ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਨੇ 3 ਮਿੰਟ ਦੇ ਅੰਦਰ ਸਾਰਾ ਸਮਾਨ ਸਮੇਟਣ ਲਈ ਕਿਹਾ। ਅਗਵਾਕਾਰਾਂ ਕੋਲੋਂ 5 ਦਾਤਰ, 2 ਕੁਹਾੜੇ, ਚਾਕੂ ਤੇ ਕਈ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ। ਗੁਰੂ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਪ੍ਰਬੰਧਕਾਂ ਅਨੁਸਾਰ ਅਗਵਾਕਾਰਾ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਰਹਿਣ ਲਈ ਕੀਤੀ ਗਈ ਬੇਨਤੀ 'ਤੇ ਇਨ੍ਹਾਂ ਨੂੰ ਇਥੇ ਰਹਿਣ ਦਿੱਤਾ ਗਿਆ, ਕਿਉਂਕਿ ਗੁਰੂ ਘਰ ਸਰਬ ਸਾਂਝਾ ਹੈ, ਹਰ ਜਰੂਰਤਮੰਦ ਨੂੰ ਗੁਰੂ ਘਰ ਵਿੱਚ ਸ਼ਰਨ ਦੇਣਾ ਗੁਰੂ ਘਰ ਦੇ ਪ੍ਰਬੰਧਕਾਂ ਦਾ ਫਰਜ ਹੈ, ਇਸ ਲਈ ਉਨ੍ਹਾਂ ਨੇ ਅਗਵਾਕਾਰਾਂ ਨੂੰ ਲੋੜਵੰਦ ਸਮਝ ਕੇ ਗੁਰੂ ਘਰ ਰਹਿਣ ਦਿੱਤਾ। ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਗੁਰੂ ਮਹਾਰਾਜ ਜੀ ਦੇ ਸਰੂਪ ਨੂੰ ਸੀਲ ਕੀਤੇ ਗੁਰੂ ਘਰ ਵਿੱਚੋਂ ਕਿਸੇ ਹੋਰ ਗੁਰੂ ਘਰ ਵਿੱਚ ਬਿਰਾਜਮਾਨ ਕੀਤਾ ਗਿਆ। ਇਟਾਲੀਅਨ ਅਖ਼ਬਾਰਾਂ ਵੱਲੋਂ ਇਸ ਖਬæਰ ਨੂੰ ਪਹਿਲੇ ਪੰਨੇ 'ਤੇ ਪ੍ਰਕਾਸ਼ਿਤ ਕੀਤਾ ਗਿਆ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

0 commenti:

Post a Comment